Monday, May 17, 2010

ਕੰਦੀਲ -ਬਲਬੀਰ ਆਤਿਸ਼

(ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਨਾਂ )


ਟਿਮ ਟਿਮਾ ਕੇ ਬੁਝ ਗਈ ਹੈ
ਰਾਤ ਰਾਣੀ ਦੀ ਕੰਦੀਲ
ਫੇਰ ਵੀ ਪਰ ਦੂਰ ਤੀਕਰ
ਮਹਿਕ ਨੇ ਲਾਈ ਛਬੀਲ .
ਹਰ ਕਲਮ ਵਿੱਚ ਗੁਟਕਦੇ ਹਨ
ਓਸਦੇ ਸੰਦਲੀ ਖਿਆਲ
ਸ਼ੌਕ ਦੇ ਮਥੇ ’ਚ ਉਸਨੇ
ਜੋ ਕਦੀ ਬਾਲੀ ਸੀ ਤੀਲ੍ਹ .

ਜਿੰਦਗੀ ਇਕ ਤਪਸ਼ ਸੀ
ਅਹਿਸਾਸ ਦੇ ਪਰਚਮ ਜਹੀ
ਰੰਗ ਜਿਸਦੇ ਸਨ ਗੂਹੜੇ
ਘੋਲ ਜਿਸਦੇ ਸੀ ਤਵੀਲ .

ਉਹ ਸੀ ਕਿਸੇ ਕੰਦਰ ’ਚ ਜਗਦਾ
ਰੇਡੀਅਮ ਤਖ਼ਲੀਕ ਦਾ
ਚਿਲਕਦੇ ਅੰਬਰ ’ਚ ਉਡਦੀ
ਹਸਰਤਾਂ ਦੀ ਅਬਾਬੀਲ.

ਸੀ ਕਿਸੇ ਤਾਰੀਖ਼ ਦਾ ਬੇਖੌਫ਼ ਤੁਰਦਾ ਕਾਫ਼ਲਾ
ਹਰ ਕਦਮ ਤੇ ਆਣ ਵਿਛਦਾ
ਓਸਦੇ ਸੂਹਾ ਸੁਨੀਲ .
ਤੁਰ ਗਿਆ ਕਿਥੇ ਸ਼ਿਕਾਰਾ
ਹਿੱਕ ਤੇ ਰੁੜ੍ਹਦਾ ਸੀ ਜੋ
ਪੁਸਤਕਾਂ ਦੀ ਘਾਟੀਆਂ ਵਿਚ
ਢੂੰਡਦੀ ਰਚਨਾ ਦੀ ਝੀਲ.

ਮਸਤ ’ਵਾ ਦਾ ਸੀਤ ਬੁੱਲਾ
ਚਾਨਣੀ ਦਾ ਸ਼ੋਖ ਜਾਮ
ਪ੍ਰੀਤ ਖਾਤਰ ਝੂਜਦੇ ਇਕ
ਹੁਕਮ ਨਾਮੇ ਦੀ ਤਾਮੀਲ.

ਮਹਿਰਾਬਾਂ

ਇੱਕ ਮਹਿਰਾਬ ਸਰੂ ਦਾ ਬੂਟਾ
ਪਰ ਅੱਖਾਂ ਵਿੱਚ ਟੋਏ
ਬੀਤ ਗਏ ਨੂੰ ਚੇਤੇ ਕਰਕੇ
ਮੁੜ ਮੁੜ ਬੂਹਾ ਢੋਏ.

ਇੱਕ ਮਹਿਰਾਬ ਕਸੀਦਾ ਕੱਢੇ
ਕਿੱਕਰ ਦੇ ਮੁਢ ਉੱਤੇ
ਫਿਰ ਵੀ ਫੁੱਲ ਕੌਲਾਂ ਦੇ ਕੱਚੇ
ਨਹੀਂ ਉਠਦੇ ਸੁੱਤੇ.

ਇੱਕ ਮਹਿਰਾਬ ਗਰੀ ਦਾ ਟੋਟਾ
ਖਿੜੀ ਕਪਾਹ ਦੀ ਫੁੱਟੀ
ਚੜ੍ਹਦੀ ਉਮਰੇ ਜਿਵੇਂ ਪਲਾਹੀ
ਹੋਵੇ ਬਣ ’ਚੋਂ ਕੱਟੀ .


ਇੱਕ ਮਹਿਰਾਬ ਨਿਰੀ ਸੰਧਿਆ ਹੈ
ਵੇਸ ਗੇਰੂਆਂ ਪਾਇਆ
ਦਸਤਕ ਵਾਂਗਰ ਬੂਹੇ ਚਿਪਕੀ
ਜਿਉਂ ਹੌਕਾ ਤਰਹਾਇਆ .

ਇੱਕ ਮਹਿਰਾਬ ਸੰਖ ਪੂਰਦੀ
ਠਾਕਰ ਦੁਆਰੇ ਅੰਦਰ
ਪਾਰਵਤੀ ਲਈ ਤਹਿਖਾਨਾ ਹੈ
ਜਿਥੇ ਸ਼ਿਵ ਦਾ ਮੰਦਰ .

ਇੱਕ ਮਹਿਰਾਬ ਸ਼ੀਸ਼ ਮਹਿਲ ਦੀ
ਰੰਗਸ਼ਾਲਾ ਵਿੱਚ ਸੁੱਤੀ
ਸੋਨੇ ਦੀਆਂ ਤਾਰਾਂ ਵਿੱਚ ਕੱਢੀ
ਜਿਉਂ ਚਮੜੇ ਦੀ ਜੁੱਤੀ .


ਇੱਕ ਮਹਿਰਾਬ ਸੜਕ ਤੇ ਚਿਪਕੀ
ਲੁੱਕ ਦੇ ਅੰਦਰ ਝਾਕੇ
ਅੰਬਰ ਦੀ ਪੌੜੀ ਤੇ ਚੜ੍ਹਦੀ
ਤਰਲਾ ਲਾਈ ਢਾਕੇ.

ਇੱਕ ਮਹਿਰਾਬ ਦੰਦਾਸਾ ਮਲ ਕੇ
ਟਿੱਚਰ ਬਣੀ ਖਲੋਤੀ
ਜੋ ਜਦ ਚਾਹੇ ਉਹਦੇ ਵਿਹੜੇ
ਬੰਨ੍ਹ ਸਕਦਾ ਹੈ ਬੋਤੀ .

ਇੱਕ ਮਹਿਰਾਬ ਰੋਟੀ ਦਾ ਟੁਕੜਾ
ਮਿਹਨਤ ਦੇ ਦਰਵਾਜੇ
ਜਿਸਦੀ ਖਾਤਰ ਜੂਝ ਰਹੇ ਹਨ
ਹੱਕਾਂ ਦੇ ਸ਼ਹਿਜ਼ਾਦੇ .

ਦੇਵ ਨਾਲ ਸੰਵਾਦ

ਦੇਵ ਰੈਪਲੀਕਾ ਹਾਊਸ ਦੀਆਂ ਕੰਧਾ ਤੇ
ਝੂਠ ਪੇਂਟ ਕੀਤਾ ਹੈ ਤੂੰ

ਫੁਲਕਾਰੀ ਦੀ ਥਾਂ ਤੇ
ਫਲਾਲ਼ੈਣ ਦੀ ਐਨਕ ਪੇਂਟ ਕਰਦਾ
ਫੁੱਲ ਬੂਟੀਆਂ ਦੀ ਥਾਂ ਤੇ
ਪੇਂਟ ਕਰਦਾ ਤੂੰ ਚੰਬਲ ਘਾਟੀ ਦੇ ਡਾਕੂਆਂ ਦੇ ਚਿਹਰੇ .

ਗਲਤ ਕਲਪੇ ਹੋਣਗੇ ਤੂੰ
ਹਾਰੀਆਂ ਤੇ ਚੁਲ੍ਹਿਆਂ ਦੀਆਂ ਕੰਧੋਲੀਆਂ 'ਤੇ
ਘੁੱਗੀਆਂ ਤੇ ਮੋਰ
ਅਬਦਾਲੀ ਦੇ ਘੋੜਿਆਂ ਦੇ ਪੌੜ ਹੀ
ਪ੍ਰਤੀਬਿੰਬਤ ਹਨ ਅੱਜੇ ਲੋਕ ਮਨਾਂ ਵਿੱਚ .
ਨਹੀਂ ਝਲਕਦੀ -ਤੇਰੇ ਪੇਂਟ ਕੀਤੇ
ਗੁੱਡੀਆਂ ਪਟੋਲਿਆਂ ਵਿੱਚੋਂ
ਪਾਰ -ਦੈਸਿਕ ਗਰਭ ਧਾਰਨ ਕੀਤੀਆਂ
ਬਾਲ ਵਰੇਸ ਕੁੜੀਆਂ ਦੀ ਫਸਲ
ਅੱਜ ਤੀਕਰ ਜੰਮ ਰਹੀ ਹੈ
ਜਿਨ੍ਹਾਂ ਦੀ ਕੁੱਖ ਵਿੱਚੋਂ
ਹਰਾਮੀ ਪੁੱਤਾਂ ਦੀ ਨਸਲ .
ਰੈਪਲੀਕਾ ਹਾਊਸ ਦੀ
ਸਾਰੀ ਦੀ ਸਾਰੀ ਕੰਧ 'ਤੇ
ਘੋੜੇ ਦੀਆਂ ਖੁਰੀਆਂ ਹੀ
ਪੇਂਟ ਕਰ ਦਿੰਦਾ -
ਪਿਕਾਸੋ ਹੋ ਜਾਣਾ ਸੀ ਤੂੰ.

ਦੇਵ ਰੈਪਲੀਕਾ ਹਾਊਸ ਦੀਆਂ ਕੰਧਾ ਤੇ
ਝੂਠ ਪੇਂਟ ਕੀਤਾ ਹੈ ਤੂੰ