Saturday, June 26, 2010

ਗਜਲਾਂ ਬਲਬੀਰ ਆਤਿਸ਼

June 19, 2010 at 7:20 am (ਕਵਿਤਾ کویتا)
1ਖਿੰਡਰੇ ਪੁੰਡਰੇ ਉੱਜੜੇ ਘਰ ‘ਚੋਂ ਕੀ ਉੱਭਰੇਗਾ ਆਖ਼ਰ ਨੂੰ।

ਇਹੋ ਸੋਚ ਹੈ ਖਾਈ ਜਾਂਦੀ ਦਿਲ ਵਿਚ ਬੈਠੇ ਸ਼ਾਇਰ ਨੂੰ।
ਬੀਜ ਗਏ ਹੋ ਚੁੱਪ ਚੁਪੀਤੇ ਸਾਡੇ ਪਿੰਡਿਆਂ ‘ਤੇ ਕੰਡਿਆਈ,
ਖ਼ਬਰ ਹੋਈ ਨਾ ਮਾਸ ਨੂੰ ਸਾਡੇ, ਨਾ ਦਿਲ ਨੂੰ, ਨਾ ਆਂਦਰ ਨੂੰ।
ਆਪਣੀ ਮਿੱਟੀ ‘ਚੋਂ ਜੜ੍ਹ ਉੱਖੜੀ ਜਾਂਦੀ ਹੈ ਕਿਉਂ ਬਿਰਖਾਂ ਦੀ,
ਕਿਸ ਨੂੰ ਦੇਈਏ ਦੋਸ਼ ਏਸ ਦਾ, ਧਰਤੀ ਨੂੰ ਜਾਂ ਅੰਬਰ ਨੂੰ?
ਤਾਰਾਂ ਦੇ ਵਿਚ ਉਲਝੀ ਤਿੱਤਲੀ ਤੜਪਾ ਰਹੀ ਹੈ ਫੁੱਲਾਂ ਨੂੰ,
ਬੂਟਾਂ ਥੱਲੇ ਮਿੱਧੇ ਫੁੱਲ ਹਨ ਘੂਰ ਰਹੇ ਇਕ ਅੰਬਰ ਨੂੰ।
ਬਿਜੜਿਆਂ ਵਤ ਤਿਣਕਾ ਤਿਣਕਾ ਚੁੱਗ ਕੇ ਘਰ ਤਾਂ ਛੱਤ ਲਈਏ,
ਬਾਲਾਂਗੇ ਪਰ ਇਸ ਵਿਚ ਕਿੱਥੋਂ ਧੁੱਪ ਦੀ ਗੋਰੀ ਕਾਤਰ ਨੂੰ।


02
ਤੇਰੇ ਰੇਤ ਹੋਏ ਦਰਿਆਵਾਂ ਵਿਚ ਨਾ ਡੁੱਬ ਹੋਏ ਨਾ ਤਰ ਹੋਵੇ।
ਤੇਰੀ ਮਿੱਟੀ ਹੋਈ ਮਤਰੇਈ ਦਾ ਕੀ ਦੋਸ਼ ਕਿਸੇ ਸਿਰ ਧਰ ਹੋਵੇ।
ਹੱਥਾਂ ‘ਤੇ ਕੰਡੇ ਉੱਗ ਆਏ ਛਾਂ ਪਿੰਡਿਆਂ ਦੀ ਅੱਗ ਲਾਉਂਦੀ ਹੈ,
ਹੁਣ ਬੰਦਿਆਂ ਅਤੇ ਦਰਖ਼ਤਾਂ ਵਿਚ ਕੋਈ ਭੇਤ ਨਾ ਸਾਥੋਂ ਕਰ ਹੋਵੇ।
ਉਸ ਰਿਸ਼ਤੇ ਦਾ ਕੀ ਨਾਂ ਰੱਖੀਏ, ਉਸ ਬਸਤੀ ਨੂੰ ਕੀ ਕਹਿ ਸੱਦੀਏ,
ਜਿੱਥੇ ਰੋਜ਼ ਤਿੜਕਦੇ ਹਨ ਰਿਸ਼ਤੇ ਤੇ ਨਿੱਤ ਉੱਜੜਦਾ ਘਰ ਹੋਵੇ।
ਕਿਉਂ ਚੀਖ਼ਾਂ ਦੇ ਇਸ ਜੰਗਲ ਵਿਚ ਸਾਰਾ ਕੁਝ ਰਲਗੱਡ ਹੋਇਆ ਹੈ,
ਨਾ ਆਪਣੀ ਚੀਖ਼ ਪਛਾਣ ਹੋਵੇ, ਨਾ ਜੰਗਲ ਦਾ ਭੈਅ ਹਰ ਹੋਵੇ।
ਇਹ ਪੀੜ ਕੇਹੀ ਜੋ ਹੱਥਾਂ ‘ਤੇ ਲਿਖ ਹੋਣੀ ਕਿਧਰੇ ਖਿਸਕ ਗਈ,
ਇਸ ਪੀੜ ਦੀ ਹੈ ਤਾਸੀਰ ਕੇਹੀ, ਨਾ ਮਰ ਹੋਵੇ ਨਾ ਜਰ ਹੋਵੇ।
ਹਰ ਬੂਹੇ ਚਿੱਪਰਾਂ ਲੱਥੀਆਂ ਹਨ ਉੱਕਰੇ ਹਨ ਜ਼ਖ਼ਮ ਹਾਲਾਤਾਂ ਨੇ,
ਜੀਹਦੀ ਸਰਦਲ ਨਹੀਂ ਧੁਆਂਖ ਹੋਈ ਕੋਈ ਇਕ ਤਾਂ ਐਸਾ ਘਰ ਹੋਵੇ।
ਕੀ ਗਾਲ੍ਹ ਦਿਆਂ ਉਨ੍ਹਾਂ ਪਿੱਪਲਾਂ ਨੂੰ, ਬੋਹੜਾਂ ਨੂੰ, ਬੁੱਢਿਆਂ ਰੁੱਖਾਂ ਨੂੰ,
ਜਿਨ੍ਹਾਂ ਕੋਲੋਂ ਮਰਦੀਆਂ ਚਿੜੀਆਂ ਲਈ ਇਕ ਹੌਕਾ ਤੱਕ ਨਾ ਭਰ ਹੋਵੇ।
ਇਨ੍ਹਾਂ ਆਪ ਬਣਾਈਆਂ ਛੱਤਾਂ ਦੀ ਹੁਣ ਮਿੱਟੀ ਸਿਰ ਵਿਚ ਕਿਰਦੀ ਹੈ,
ਨਾ ਭੇਤ ਲੁਕਾਇਆਂ ਲੁਕ ਹੋਵੇ, ਨਾ ਚੁੱਪ ਕੀਤਿਆਂ ਸਰ ਹੋਵੇ।


0੩
ਰੇਜ਼ਾ ਰੇਜ਼ਾ ਹੋ ਗਈ ਪੱਤੀ ਗ਼ੁਲਾਬ ਦੀ।
ਉੱਡਦੀ ਹੈ ਮਿੱਟੀ ਦੂਰ ਤੱਕ ਖ਼ਾਨਾ ਖ਼ਰਾਬ ਦੀ।
ਕਿਸ ‘ਤੇ ਗਿਲਾ ਕਰਾਂ ਮੈਂ ਕਿਸ ‘ਤੇ ਉਜਰ ਕਰਾਂ
ਹਰਫ਼ਾਂ ਦੇ ਹੱਥੋਂ ਹੋ ਰਹੀ ਦੁਰਮਤ ਕਿਤਾਬ ਦੀ।
ਲੱਕੜ ਹੈ ਚਿੱਟੇ ਮਹਿਲ ਦੀ ਸਰਦਲ ਦੇ ਨਾਲ ਦੀ,
ਕੱਟੀ ਹੈ ਜਿਸ ‘ਤੇ ਰੱਖ ਕੇ ਗਰਦਨ ਉਕਾਬ ਦੀ।
ਭੁੱਲਿਆ ਸਲੀਕਾ ਸ਼ਹਿਰ ਨੂੰ ਪੀਵਣ ਪਿਆਣ ਦਾ,
ਤੋੜੀ ਪਈ ਹੈ ਚੌਂਕ ਵਿਚ ਬੋਤਲ ਸ਼ਰਾਬ ਦੀ।
ਬਲਦੇ ਸਿਵੇ ਦੇ ਬੁਝਣ ਤੱਕ ਸੂਰਜ ਦੇ ਚੜ੍ਹਨ ਤੱਕ
ਛੇੜਾਂਗਾ ਮੈਂ ਹੀ ਦੇਖਣਾ ਸਰਗਮ ਰਬਾਬ ਦੀ
with thanks from mukh dhara
http://satdeepgillrachna.wordpress.com/
(typed and send by parmjit sohal balbir friend)

Monday, May 17, 2010

ਕੰਦੀਲ -ਬਲਬੀਰ ਆਤਿਸ਼

(ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਨਾਂ )


ਟਿਮ ਟਿਮਾ ਕੇ ਬੁਝ ਗਈ ਹੈ
ਰਾਤ ਰਾਣੀ ਦੀ ਕੰਦੀਲ
ਫੇਰ ਵੀ ਪਰ ਦੂਰ ਤੀਕਰ
ਮਹਿਕ ਨੇ ਲਾਈ ਛਬੀਲ .
ਹਰ ਕਲਮ ਵਿੱਚ ਗੁਟਕਦੇ ਹਨ
ਓਸਦੇ ਸੰਦਲੀ ਖਿਆਲ
ਸ਼ੌਕ ਦੇ ਮਥੇ ’ਚ ਉਸਨੇ
ਜੋ ਕਦੀ ਬਾਲੀ ਸੀ ਤੀਲ੍ਹ .

ਜਿੰਦਗੀ ਇਕ ਤਪਸ਼ ਸੀ
ਅਹਿਸਾਸ ਦੇ ਪਰਚਮ ਜਹੀ
ਰੰਗ ਜਿਸਦੇ ਸਨ ਗੂਹੜੇ
ਘੋਲ ਜਿਸਦੇ ਸੀ ਤਵੀਲ .

ਉਹ ਸੀ ਕਿਸੇ ਕੰਦਰ ’ਚ ਜਗਦਾ
ਰੇਡੀਅਮ ਤਖ਼ਲੀਕ ਦਾ
ਚਿਲਕਦੇ ਅੰਬਰ ’ਚ ਉਡਦੀ
ਹਸਰਤਾਂ ਦੀ ਅਬਾਬੀਲ.

ਸੀ ਕਿਸੇ ਤਾਰੀਖ਼ ਦਾ ਬੇਖੌਫ਼ ਤੁਰਦਾ ਕਾਫ਼ਲਾ
ਹਰ ਕਦਮ ਤੇ ਆਣ ਵਿਛਦਾ
ਓਸਦੇ ਸੂਹਾ ਸੁਨੀਲ .
ਤੁਰ ਗਿਆ ਕਿਥੇ ਸ਼ਿਕਾਰਾ
ਹਿੱਕ ਤੇ ਰੁੜ੍ਹਦਾ ਸੀ ਜੋ
ਪੁਸਤਕਾਂ ਦੀ ਘਾਟੀਆਂ ਵਿਚ
ਢੂੰਡਦੀ ਰਚਨਾ ਦੀ ਝੀਲ.

ਮਸਤ ’ਵਾ ਦਾ ਸੀਤ ਬੁੱਲਾ
ਚਾਨਣੀ ਦਾ ਸ਼ੋਖ ਜਾਮ
ਪ੍ਰੀਤ ਖਾਤਰ ਝੂਜਦੇ ਇਕ
ਹੁਕਮ ਨਾਮੇ ਦੀ ਤਾਮੀਲ.

ਮਹਿਰਾਬਾਂ

ਇੱਕ ਮਹਿਰਾਬ ਸਰੂ ਦਾ ਬੂਟਾ
ਪਰ ਅੱਖਾਂ ਵਿੱਚ ਟੋਏ
ਬੀਤ ਗਏ ਨੂੰ ਚੇਤੇ ਕਰਕੇ
ਮੁੜ ਮੁੜ ਬੂਹਾ ਢੋਏ.

ਇੱਕ ਮਹਿਰਾਬ ਕਸੀਦਾ ਕੱਢੇ
ਕਿੱਕਰ ਦੇ ਮੁਢ ਉੱਤੇ
ਫਿਰ ਵੀ ਫੁੱਲ ਕੌਲਾਂ ਦੇ ਕੱਚੇ
ਨਹੀਂ ਉਠਦੇ ਸੁੱਤੇ.

ਇੱਕ ਮਹਿਰਾਬ ਗਰੀ ਦਾ ਟੋਟਾ
ਖਿੜੀ ਕਪਾਹ ਦੀ ਫੁੱਟੀ
ਚੜ੍ਹਦੀ ਉਮਰੇ ਜਿਵੇਂ ਪਲਾਹੀ
ਹੋਵੇ ਬਣ ’ਚੋਂ ਕੱਟੀ .


ਇੱਕ ਮਹਿਰਾਬ ਨਿਰੀ ਸੰਧਿਆ ਹੈ
ਵੇਸ ਗੇਰੂਆਂ ਪਾਇਆ
ਦਸਤਕ ਵਾਂਗਰ ਬੂਹੇ ਚਿਪਕੀ
ਜਿਉਂ ਹੌਕਾ ਤਰਹਾਇਆ .

ਇੱਕ ਮਹਿਰਾਬ ਸੰਖ ਪੂਰਦੀ
ਠਾਕਰ ਦੁਆਰੇ ਅੰਦਰ
ਪਾਰਵਤੀ ਲਈ ਤਹਿਖਾਨਾ ਹੈ
ਜਿਥੇ ਸ਼ਿਵ ਦਾ ਮੰਦਰ .

ਇੱਕ ਮਹਿਰਾਬ ਸ਼ੀਸ਼ ਮਹਿਲ ਦੀ
ਰੰਗਸ਼ਾਲਾ ਵਿੱਚ ਸੁੱਤੀ
ਸੋਨੇ ਦੀਆਂ ਤਾਰਾਂ ਵਿੱਚ ਕੱਢੀ
ਜਿਉਂ ਚਮੜੇ ਦੀ ਜੁੱਤੀ .


ਇੱਕ ਮਹਿਰਾਬ ਸੜਕ ਤੇ ਚਿਪਕੀ
ਲੁੱਕ ਦੇ ਅੰਦਰ ਝਾਕੇ
ਅੰਬਰ ਦੀ ਪੌੜੀ ਤੇ ਚੜ੍ਹਦੀ
ਤਰਲਾ ਲਾਈ ਢਾਕੇ.

ਇੱਕ ਮਹਿਰਾਬ ਦੰਦਾਸਾ ਮਲ ਕੇ
ਟਿੱਚਰ ਬਣੀ ਖਲੋਤੀ
ਜੋ ਜਦ ਚਾਹੇ ਉਹਦੇ ਵਿਹੜੇ
ਬੰਨ੍ਹ ਸਕਦਾ ਹੈ ਬੋਤੀ .

ਇੱਕ ਮਹਿਰਾਬ ਰੋਟੀ ਦਾ ਟੁਕੜਾ
ਮਿਹਨਤ ਦੇ ਦਰਵਾਜੇ
ਜਿਸਦੀ ਖਾਤਰ ਜੂਝ ਰਹੇ ਹਨ
ਹੱਕਾਂ ਦੇ ਸ਼ਹਿਜ਼ਾਦੇ .

ਦੇਵ ਨਾਲ ਸੰਵਾਦ

ਦੇਵ ਰੈਪਲੀਕਾ ਹਾਊਸ ਦੀਆਂ ਕੰਧਾ ਤੇ
ਝੂਠ ਪੇਂਟ ਕੀਤਾ ਹੈ ਤੂੰ

ਫੁਲਕਾਰੀ ਦੀ ਥਾਂ ਤੇ
ਫਲਾਲ਼ੈਣ ਦੀ ਐਨਕ ਪੇਂਟ ਕਰਦਾ
ਫੁੱਲ ਬੂਟੀਆਂ ਦੀ ਥਾਂ ਤੇ
ਪੇਂਟ ਕਰਦਾ ਤੂੰ ਚੰਬਲ ਘਾਟੀ ਦੇ ਡਾਕੂਆਂ ਦੇ ਚਿਹਰੇ .

ਗਲਤ ਕਲਪੇ ਹੋਣਗੇ ਤੂੰ
ਹਾਰੀਆਂ ਤੇ ਚੁਲ੍ਹਿਆਂ ਦੀਆਂ ਕੰਧੋਲੀਆਂ 'ਤੇ
ਘੁੱਗੀਆਂ ਤੇ ਮੋਰ
ਅਬਦਾਲੀ ਦੇ ਘੋੜਿਆਂ ਦੇ ਪੌੜ ਹੀ
ਪ੍ਰਤੀਬਿੰਬਤ ਹਨ ਅੱਜੇ ਲੋਕ ਮਨਾਂ ਵਿੱਚ .
ਨਹੀਂ ਝਲਕਦੀ -ਤੇਰੇ ਪੇਂਟ ਕੀਤੇ
ਗੁੱਡੀਆਂ ਪਟੋਲਿਆਂ ਵਿੱਚੋਂ
ਪਾਰ -ਦੈਸਿਕ ਗਰਭ ਧਾਰਨ ਕੀਤੀਆਂ
ਬਾਲ ਵਰੇਸ ਕੁੜੀਆਂ ਦੀ ਫਸਲ
ਅੱਜ ਤੀਕਰ ਜੰਮ ਰਹੀ ਹੈ
ਜਿਨ੍ਹਾਂ ਦੀ ਕੁੱਖ ਵਿੱਚੋਂ
ਹਰਾਮੀ ਪੁੱਤਾਂ ਦੀ ਨਸਲ .
ਰੈਪਲੀਕਾ ਹਾਊਸ ਦੀ
ਸਾਰੀ ਦੀ ਸਾਰੀ ਕੰਧ 'ਤੇ
ਘੋੜੇ ਦੀਆਂ ਖੁਰੀਆਂ ਹੀ
ਪੇਂਟ ਕਰ ਦਿੰਦਾ -
ਪਿਕਾਸੋ ਹੋ ਜਾਣਾ ਸੀ ਤੂੰ.

ਦੇਵ ਰੈਪਲੀਕਾ ਹਾਊਸ ਦੀਆਂ ਕੰਧਾ ਤੇ
ਝੂਠ ਪੇਂਟ ਕੀਤਾ ਹੈ ਤੂੰ

Wednesday, April 21, 2010

ਜੋਗੀਆ -- ਬਲਬੀਰ ਆਤਿਸ਼

ਜੋਗੀਆ
ਜੋਗੀਆ,
ਜਿਸ ਪਰਬਤ ਵੱਲ
ਤੂੰ ਗਿਆ ਸੀ
ਉਧਰੋਂ ਕੂੰਜਾਂ
ਮੈਦਾਨਾਂ ਵੱਲ
ਆ ਗਈਆਂ ਨੇ .

ਪਤਝੜ ਨੇ
ਪੱਤੇ ਝਾੜ ਝਾੜ ਕੇ
ਅੰਦਰ ਭਰ ਦਿੱਤਾ ਹੈ .
ਸੁੰਨੀ ਕੁਟੀਆ ਦੇ ਵਿੱਚ
ਚਾਮ ਚੜਿੱਕਾਂ ਨੇ
ਦੇ ਦਿੱਤੇ ਹਨ ਬੱਚੇ
ਦਰਵਾਜੇ ‘ਚ
ਅਹਿਲ ਪਈਆਂ
ਖੜਾਵਾਂ ਨੂੰ
ਦੀਮਕ ਖਾ ਗਿਆ ਹੈ.

ਜੋਗੀਆ
ਮੌਸਮ ਬਦਲ
ਗਿਆ ਹੈ
ਏਸ ਬਦਲੇ ਮੌਸਮ ‘ਚ
ਕਿਸ ਦੇ ਗਲ ਪਾਵਾਂ ,
ਤੇਰੀ ਰੁਦਰਾਖ ਦੀ ਮਾਲਾ

ਇੱਕ ਗੀਤ -ਬਲਬੀਰ ਆਤਿਸ਼

ਬੈਠੀ ਜਿੰਦ ਉਡੀਕ ਤੇਰੀ ਵਿੱਚ
ਲੱਖ ਸੂਰਜ ਚੜ੍ਹ ਲੱਥੇ
ਇੰਤਜ਼ਾਰ ਮੇਰੇ ਦੇ ਮੱਥੇ
ਦੇਹ ਦੀ ਗੋਰੀ ਮਿੱਟੀ ਗੋ ਕੇ
ਚਾਨਣ ਵਿੱਚ ਰਲਾਇਆ
ਵਿੱਚ ਬਿਰਹੋਂ ਦਾ ਪਾਣੀ ਪਾ ਕੇ
ਗੀਤ ਅਸਾਂ ਨੇ ਪਠੇ
ਲੱਖ ਸੂਰਜ ਚੜ੍ਹ ਲੱਥੇ
ਦਿਲ ਦੀ ਸਰਦਲ ਸੁੰਨੀ ਸੁੰਨੀ
ਖਾਲੀ ਮਨ ਦਾ ਬੇਲਾ
ਏਸ ਗਰਾਂ ਦੇ ਰਾਹੀਂ ਮੋਏ
ਲੱਖ ਸੂਰਜ ਚੜ੍ਹ ਲੱਥੇ
ਜੀਭ ਇਸ਼ਕ ਦੀ ਗਈ ਤਰੁੰਡੀ
ਗੀਤ ਗਏ ਕਸਿਆ
ਖਾਧਾ ਪਾਨ ਹਿਜਰ ਦਾ ਯਾਰੋ
ਬਿਨ ਚੂਨੇ ਬਿਨ ਕਥੇ
ਲੱਖ ਸੂਰਜ ਚੜ੍ਹ ਲਥੇ
ਰੱਖ ਸੋਨੇ ਦੀ ਭਾਸ਼ਾ ਲਬ ਤੇ
ਦਿਲ ਦੇ ਹੋਵਣ ਸੌਦੇ
ਆਉਂਦੀ ਨਾ ਇਹ ਭਾਸ਼ਾ ਸਾਨੂੰ
ਕਰੀਏ ਕਿੰਝ ਉੱਲਥੇ
ਲੱਖ ਸੂਰਜ ਚੜ੍ਹ ਲੱਥੇ
——————–

ਬਲਬੀਰ ਆਤਿਸ਼

ਅੱਜ ਜਦੋਂ ਮੈਂ
ਬੌਣੀ ਧੁਪ ਦਾ ਠਿਗਨਾ ਸਾਇਆ
ਤੇਰੀ ਅੱਗ ਥੀਂ ਹੋਠ ਛੁਹਾਇਆ
ਮੇਰਾ ਅੰਗ ਅੰਗ ਨਸ਼ਿਆਇਆ

ਮੈਂ ਨਿਰ-ਅੰਗਾ
ਨਿਰ ਅੰਗੀਆ ਸੋਚਾਂ ਦੀ ਕਾਇਆ
ਝੂਠੇ ਕੌਲਾਂ ਥੀਂ ਪ੍ਰਣਾਇਆ
ਅੱਜ ਤੇਰੇ ਬੂਹੇ ਤੇ ਆਇਆ --
ਹੇ ਕਿਰਨਾ ਦੇ ਮਰਦ ਅਗੰਮੜੇ
ਇੱਕ ਘੁੱਟ ਦੇ ਕਿਰਨਾਂ ਦੀ ਕਾਇਆ
ਇੱਕ ਲੱਪ ਦੇ ਧੁਪਾਂ ਦਾ ਸਾਇਆ

ਮੈਂ ਵੀ ਮੇਰੇ ਹੌਸਲਿਆਂ ਵਤ
ਨਗਨ ਖੜਗ ਤੇ ਟੁਰਨਾ ਸਿੱਖਾਂ
ਮੈਂ ਵੀ ਸਿੱਖਾਂ --
ਕਿੰਜ ਟੁਰਦੀ ਹੈ ਧਾਰ ਲਹੂ ਦੀ
ਬੰਨ ਕੇ ਗੁੱਟ ਤੇ ਸੂਹਾ ਗਾਨਾ
ਕਿੰਜ ਟੁਰਦੇ ਨੇ --
ਕੁਰਬਾਨੀ ਦੇ ਪੁੰਜ ਅਕੀਦੇ ਮਕਤਲ ਵੱਲ ਨੂੰ

ਅੱਜ ਦੇ ਦਿਹੁੰ
ਬੱਸ ਇੱਕੋ ਵਰ ਦੇ ,
ਹੇ ਕਿਰਨਾਂ ਦੇ ਮਰਦ ਅਗੰਮੜੇ
ਚਾਨਣੀਆਂ ਦਾ ਸੁਰਖ ਮੁਆਤਾ
ਮੇਰੇ ਸੁੱਤੇ ਸਾਹੀੰ ਧਰਦੇ .

My World

Wednesday, March 17, 2010

ਅੱਜ ਦੀ ਨਜ਼ਮ ਬਲਬੀਰ ਆਤਿਸ਼

ਅੱਜ ਦੀ ਨਜ਼ਮ
ਅੱਜ ਦੀ ਨਜ਼ਮ ਉਦਾਸੀ ਵਰਗੀ
ਪੰਛੀ ਇਕ ਪਰਵਾਸੀ ਵਰਗੀ
ਜਨਮ ਜਨਮ ਦੀ ਦਾਸੀ ਵਰਗੀ
ਲਹਿੰਦੇ ਚੜ੍ਹਦੇ ਕੰਮੀਆਂ ਦੇ ਹੱਥ
ਇੱਕੋ ਰੋਟੀ ਬਾਸੀ ਵਰਗੀ
ਅੱਜ ਦੀ ਨਜ਼ਮ ਮਹਿਕ ਤੋਂ ਊਣੀ
ਜਿਓਂ ਫੁੱਲਾਂ ਤੇ ਸ਼ਬਨਮ ਲੂਣੀ
ਜਿਓਂ ਮੜ੍ਹੀਆਂ ਵਿਚ ਬਲਦੀ ਧੂਣੀ
ਜਾਂ ਵਰਖਾ ਦੀ ਬਦਲਾਂ ਹਥੋਂ
ਅਧ ਵਿਚਕਾਰੋਂ ਛੁੱਟੀ ਪੂਣੀ
ਅੱਜ ਦੀ ਨਜ਼ਮ ਪਿਆਸੇ ਰੁਖ ਦੀ
ਜਨਮ ਜਨਮ ਦੀ ਦੋਖੀ ਭੁਖ ਦੀ ਮੇਹੰਦੀ ਦੇ ਸੰਗ ਓਗੇ ਦੁਖ ਦੀ
ਜਾ ਜੋਬਨ ਦੀ ਪਹਿਲੀ ਰਾਤੇ
ਕਿਸੇ ਸਰਾਪੇ ਸੁੰਦਰ ਸੁਖ ਦੀ

Sunday, March 14, 2010

ਗੀਤ:-ਬਲਬੀਰ ਆ ਿਤਸ

ਫੇਰ ਛਿੜੇ ਨੇ ਪੱਤਣਾ ਉੱ੫ਰ ਗੀਤ ਮਲਾਹਾਂ ਦੇ
ਫਿਰ ਯਾਦਾਂ ਦੀਆਂ ਕੂਲਾਂ ਵਰਗੀਆਂ ਕੰਢਿਆਂ ਤੋਂ
ਮੁੜਕੋ ਮੁੜਕੀ ਹੋਏ ਨੇ ਫਿਰ ਮਟਕੇ ਸਾਹਾਂ ਦੇ
ਫੇਰ ਛਿੜੇ ਨੇ ਪਤਨਾ ਉੱਪਰਗੀਤ ਮਲਾਹਾਂ ਦੇ ਮੌਲ
ਸਰੀ ਤੇ ਮੁੜ੍ਹ ਕੇ ਉਹ ਰੁੱਤ ਆਈ ਹੈਤੂੰ ਜਿਸ ਰੁੱਤੇ ਬੀਜ ਗਿਆ ਸੀ
ਕੋਲ ਨਿਗ੍ਹਾਂ ਦੇ ਫੇਰ ਛਿੜੇ ਨੇ ਪਤਨਾ ਉੱਪਰ ਗੀਤ ਮਲਾਹਾਂ ਦੇ
ਫੇਰ ਪਿਆਜੀ ਉਡਣ ਸਿਰ ਤੋਂ ਸਰਕ ਗਿਆ ਛਣਕੇ ਪਏ
ਫਿਰ ਮੁੜ੍ਹ ਕੇ ਚੂੜੇ ਗੋਰੀਆਂ ਬਾਹਾਂ ਦੇ
ਫੇਰ ਛਿੜੇ ਨੇ ਪਤਨਾ ਉੱਪਰ ਗੀਤ ਮਲਾਹਾਂ ਦੇ
ਰੂਹ ਦਾ ਜੋਸ਼ਨ ਵਸਲ ਨਿਕਾਹ ਦੀ ਨਜ਼ਰ ਕਰਾਂ ਇਕ ਵਾਰੀ
ਜੇ ਮੇਲੇ ਹੋਵਣ ਬੇਪਰਵਾਹਾਂ ਦੇ
ਫੇਰ ਛਿੜੇ ਨੇ ਪਤਨਾ ਉੱਪਰ ਗੀਤ ਮਲਾਹਾਂ ਦੇ